15/06/2022
-ਡਿਪਰੈਸ਼ਨ ਮਹਾਂਮਾਰੀ-
ਇੱਕ ਐਸੀ ਨਾਮੁਰਾਦ ਬਿਮਾਰੀ ਹੈ ਜਿਸ ਨੇ ਸਿੱਧੇ/ਅਸਿੱਧੇ ਤੌਰ 'ਤੇ ਹਰੇਕ ਇਨਸਾਨ ਨੂੰ ਜਕੜਿਆ ਹੋਇਆ ਹੈ ਅਤੇ ਇਹ ਆਪਣੀ ਜਕੜਨ ਨੂੰ ਲਗਾਤਾਰ ਵਧਾਉਂਦੀ ਜਾ ਰਹੀ ਹੈ !
ਅਤਿ ਸੰਵੇਦਨਸ਼ੀਲ ਇਨਸਾਨ ਇਸਦੇ ਜਿਆਦਾ ਸ਼ਿਕਾਰ ਹੁੰਦੇ ਦੇਖੇ ਗਏ ਹਨ !
ਇਸ ਬਿਮਾਰੀ ਦੇ ਜਖ਼ਮ ਬਾਹਰੀ ਨਹੀਂ ਸਗੋਂ ਮਾਨਸਿਕ ਹੋਣ ਕਰਕੇ ਇਸ ਦੀ ਪਹਿਚਾਣ ਇਨਸਾਨੀ ਵਿਵਹਾਰ ਵਿੱਚ ਆਈ ਤਬਦੀਲੀ ਦੇ ਰੂਪ ਵਿੱਚ ਹੁੰਦੀ ਹੈ !
ਇਸ ਦੇ ਪਹਿਚਾਣੇ ਗਏ ਮੁੱਖ ਕਾਰਣਾਂ ਵਿੱਚੋਂ, ਕੁਝ ਕਾਰਣ ਜਿਵੇਂ ਕਿ ਇਨਸਾਨੀ ਦਿਮਾਗ਼ ਅੰਦਰ ਹੁੰਦੀਆਂ ਰਸਾਇਣਿਕ ਕਿਰਿਆਵਾਂ ਦੀ ਵਾਧ-ਘਾਟ, ਅਸੰਤੁਲਿਤ ਜੀਵਨ ਸ਼ੈਲੀ, ਕੰਮਕਾਜੀ ਜਾਂ ਪਰਿਵਾਰਿਕ ਦਬਾਅ, ਕਰਜ਼ਾ ਅਤੇ ਇੱਕਲਤਾ ਆਦਿ ਮੰਨੇ ਜਾਂਦੇ ਹਨ !
ਇਸਦੇ ਲੱਛਣ, ਇਨਸਾਨੀ ਵਿਵਹਾਰ ਵਿੱਚ ਆਉਂਦੀਆਂ ਤਬਦੀਲੀਆਂ ਰਾਹੀਂ ਸਾਹਮਣੇ ਆਉਂਦੇ ਹਨ ਜਿਵੇਂ ਕਿ ਬਹੁਤ ਜਿਆਦਾ ਬੋਲਣਾਂ ਜਾਂ ਮੌਨ ਰਹਿਣਾ, ਮਾਮੂਲੀ ਜਿਹੀ ਗੱਲ 'ਤੇ ਬਹੁਤ ਗੁੱਸਾ ਆਉਣਾ, ਚਿੜਚਿੜਾਪਣ, ਲੰਬੀ ਉਦਾਸੀ, ਉਨੀਂਦਰਾ, ਮਨੋਰੰਜਨ ਤੋਂ ਦੂਰੀ ਬਣਾ ਕੇ ਇੱਕਲਤਾ ਵਿੱਚ ਰਹਿਣਾ ਆਦਿ ਮੰਨੇ ਜਾਂਦੇ ਹਨ !
ਮੁੱਢਲੇ ਇਲਾਜ਼ ਜਿਵੇਂ ਗੱਲਬਾਤ ਰਾਹੀਂ ਮਨ ਹੌਲਾ ਕਰਨਾ, ਮਾਹੌਲ ਨੂੰ ਬਦਲਣਾ, Anti-Depression ਦਵਾਈਆਂ ਰਾਹੀਂ ਮਨ ਨੂੰ ਸ਼ਾਂਤ ਰੱਖਣਾ ਆਦਿ ਕੀਤੇ ਜਾਂਦੇ ਹਨ !
ਡਿਪਰੈਸ਼ਨ ਪੀੜਤ ਇੱਕ ਬੇਬਸ ਮਾਨਸਿਕ ਦਸ਼ਾ ਦੇ ਮੱਕੜਜਾਲ ਵਿੱਚ ਫਸਿਆ ਮਹਿਸੂਸ ਕਰਦਾ ਹੈ ਜਿਸ ਵਿੱਚੋਂ ਖ਼ੁਦ ਨਿਕਲਣ ਦੀਆਂ ਕੋਸ਼ਿਸ਼ਾਂ ਦੌਰਾਨ ਉਹ ਹੋਰ ਵੀ ਉਲਝ ਜਾਂਦਾ ਹੈ !
ਇਸ ਦਸ਼ਾ ਵਿੱਚੋਂ ਬਾਹਰ ਕੱਢਣ ਲਈ ਬਾਹਰੀ ਸਹਾਇਤਾ ਦੀ ਲੋੜ ਹੁੰਦੀ ਹੈ ਜੋ ਕਿ ਦੇਖਭਾਲ, ਪਿਆਰ, ਅਪਣੱਤ, ਗੱਲਬਾਤ ਅਤੇ ਸਮੇਂ ਸਿਰ ਵਾਜਿਬ ਦਵਾਈ ਦੇ ਕੇ ਪ੍ਰਦਾਨ ਕੀਤੀ ਜਾਂਦੀ ਹੈ !
ਜੇਕਰ ਇਸ ਦੀ ਸਮੇਂ ਸਿਰ ਪਹਿਚਾਣ ਜਾਂ ਢੁੱਕਵਾਂ ਇਲਾਜ ਨਾ ਕੀਤਾ ਜਾਵੇ, ਜੇਕਰ ਬਣਦਾ ਪਰਹੇਜ਼ ਜਾਂ ਸਾਵਧਾਨੀਆਂ ਨਾ ਵਰਤੀਆਂ ਜਾਣ ਤਾਂ ਇਹ ਜੀਵਨ ਘਾਤਕ ਮਹਾਂਮਾਰੀ ਸਿੱਧ ਹੁੰਦਾ ਹੈ !